Monday, 1 October 2012

pp

<iframe SRC='http://desistreams.tv/embed/india_tv.php' width='600' height='470' marginwidth=0 marginheight=0 hspace=0 vspace=0 frameborder=0 scrolling='no'></iframe>

Saturday, 10 September 2011

ਨਾਰੀਅਲ ਦੇ ਭੁਲੇਖੇ 3 ਲੱਖ ਦੇ ਨੋਟ ਨਹਿਰ ਵਿੱਚ ਸੁੱਟ ਲਏ

ਲੁਧਿਆਣਾ : ਵਹਿਮਾਂ-ਭਰਮਾਂ ਦੇ ਸ਼ਿਕਾਰ ਪਰਿਵਾਰ ਨੇ ਨਾਰੀਅਲ ਤਾਰਨ ਦੀ ਬਜਾਏ ਨਹਿਰ ਵਿੱਚ ਤਿੰਨ ਲੱਖ ਰੁਪਏ ਵਾਲੇ ਨੋਟਾਂ ਵਾਲਾ ਲਿਫਾਫਾ ਤਾਰ ਦਿੱਤਾ। ਪੱਖੋਵਾਲ ਰੋਡ 'ਤੇ ਸਿਧਵਾਂ ਕੈਨਾਲ ਦੇ ਪੁੱਲ ਉਪਰ ਲੁਧਿਆਣਾ ਸ਼ਹਿਰ ਦਾ ਇਕ ਵਪਾਰੀ ਆਪਣੇ ਪਰਿਵਾਰ ਸਮੇਤ ਨਹਿਰ ਵਿੱਚ ਕਿਸੇ ਬਾਬੇ ਦੇ ਦੱਸੇ ਅਨੁਸਾਰ ਇਕ ਲਿਫਾਫੇ ਵਿੱਚ ਨਾਰੀਅਲ ਤੇ ਕੁਝ ਹੋਰ ਵਸਤੂ ਲੈ ਕੇ ਆਪਣੀ ਕਾਰ ਰਾਹੀਂ ਆਪਣੇ ਸੰਕਟਾਂ ਦਾ ਨਿਵਾਰਨ ਕਰਨ ਲਈ ਨਾਰੀਅਲ ਸਮੇਤ ਕੁਝ ਸਮਾਨ ਤਾਰਨ ਲਈ ਆਇਆ ਸੀ। ਉਸ ਦੀ ਕਾਰ ਵਿੱਚ ਇਕੋ ਰੰਗ ਦੇ ਦੋ ਲਿਫਾਫੇ ਸਨ, ਇਕ ਲਿਫਾਫੇ ਵਿੱਚ ਤਿੰਨ ਲੱਖ ਰੁਪਏ ਅਤੇ ਦੂਸਰੇ ਵਿੱਚ ਨਾਰੀਅਲ ਸਮੇਤ ਨਹਿਰ ਵਿੱਚ ਤਾਰਨ ਦਾ ਕੁਝ ਸਾਮਾਨ ਸੀ। ਉਸ ਨੇ ਆਪਣੀ ਕਾਰ ਵਿੱਚੋਂ ਲਿਫਾਫਾ ਚੁੱਕ ਕੇ ਜਲਦੀ ਵਿੱਚ ਨਹਿਰ ਵਿੱਚ ਵਗਾਹ ਦਿੱਤਾ। ਜਦੋਂ ਉਕਤ ਲਿਫਾਫੇ ਵਿੱਚੋਂ ਸਾਮਾਨ ਡਿੱਗਿਆ ਤਾਂ ਪਤਾ ਲੱਗਾ ਕਿ ਇਹ ਤਿੰਨ ਲੱਖ ਰੁਪਏ ਦੇ ਨੋਟ ਨਹਿਰ ਵਿੱਚ ਸੁੱਟ ਦਿੱਤੇ ਹਨ। ਇਸ 'ਤੇ ਨਹਿਰ ਨੇੜੇ ਨਹਾਉਂਦੇ ਬੱਚਿਆਂ ਨੇ ਇਸ ਵਪਾਰੀ ਨੂੰ ਰੌਲਾ ਪਾਉਂਦੇ ਦੇਖਿਆ ਤਾਂ ਉਨ੍ਹਾਂ ਨੇ ਨਹਿਰ ਵਿੱਚ ਛਾਲਾਂ ਲਾ ਕੇ ਪਾਣੀ ਵਿੱਚ ਤਰੇ ਜਾਂਦੇ ਨੋਟਾਂ ਨੂੰ ਚੁੱਗਿਆ। ਇਹ ਬੱਚੇ ਦੋ ਲੱਖ ਰੁਪਏ ਦੇ ਨੋਟ ਹੀ ਨਹਿਰ ਵਿੱਚੋਂ ਇਕੱਠੇ ਕਰ ਸਕੇ ਅਤੇ ਇਕ ਲੱਖ ਰੁਪਏ ਪਾਣੀ ਵਿੱਚ ਵਹਿ ਗਏ, ਜਿਸ ਦੀ ਭਾਰੀ ਤਲਾਸ਼ ਕਰਨ 'ਤੇ ਵੀ ਨਹੀਂ ਮਿਲ ਸਕੇ। ਜਾਣਕਾਰੀ ਅਨੁਸਾਰ ਉਕਤ ਵਪਾਰੀ ਨੇ ਇਹ ਪੈਸਾ ਬੈਂਕ ਵਿੱਚ ਜਮ੍ਹਾ ਕਰਵਾਉਣ ਲਈ ਲੈ ਕੇ ਜਾ ਰਿਹਾ ਸੀ।
ਬ੍ਰਿਟਿਸ਼ ਮਹਾਰਾਣੀ ਨੂੰ ਚਾਹੀਦੈ ਖਾਨਸਾਮਾ
ਤਨਖਾਹ ਹੋਵੇਗੀ 11 ਲੱਖ 13 ਹਜ਼ਾਰ ਰੁਪਏ ਸਾਲਾਨਾ
ਲੰਡਨ : ਜੇ ਤੁਸੀਂ ਨੌਕਰੀ ਦੀ ਤਲਾਸ਼ ਵਿੱਚ ਹੋ ਤਾਂ ਜ਼ਰਾ ਖਬਰ ਨੂੰ ਧਿਆਨ ਵਿੱਚ ਪੜ੍ਹੋ, ਹੋ ਸਕਦਾ ਹੈ ਕਿ ਤੁਹਾਡੀ ਤਲਾਸ਼ ਪੂਰੀ ਹੋ ਜਾਏ, ਉਹ ਵੀ ਇੰਗਲੈਂਡ ਵਿੱਚ। ਬ੍ਰਿਟੇਨ ਦੀ ਮਹਾਰਾਣੀ ਐਲਿਜਾਬੈਥ ਦੂਸਰੀ ਨੂੰ ਇੱਕ ਖਾਨਸਾਮੇ ਦੀ ਜ਼ਰੂਰਤ ਹੈ, ਜਿਸ ਦੀ ਤਨਖਾਹ ਹੋਵੇਗੀ 15 ਹਜ਼ਾਰ ਪੌਂਡ (11 ਲੱਖ 13 ਹਜ਼ਾਰ ਰੁਪਏ) ਸਾਲਾਨਾ। ਉਸ ਦੇ ਰਹਿਣ ਦੀ ਸਹੂਲਤ ਮੁਫਤ ਹੋਵੇਗੀ। ਇਸ ਨੌਕਰੀ ਲਈ ਅਰਜ਼ੀ ਭੇਜਣ ਦੀ ਆਖਰੀ ਤਾਰੀਖ ਹੈ 19 ਸਤੰਬਰ। ਮਹਾਰਾਣੀ ਅਤੇ ਸ਼ਾਹੀ ਪਰਿਵਾਰ ਦੇ ਮੈਂਬਰਾਂ ਨੇ ਕਾਫੀ ਖੋਜਬੀਨ ਦੇ ਬਾਅਦ ਬਕਿੰਘਮ ਪੈਲੇਸ ਵਿੱਚ ਟ੍ਰੇਂਡ ਬਟਲਰ ਦਾ ਇਸ਼ਤਿਹਾਰ ਦਿੱਤਾ ਹੈ। ਇਹ ਇਸ਼ਤਿਹਾਰ ਸ਼ਾਹੀ ਵੈਬਸਾਈਟ 'ਤੇ ਦੇਖਿਆ ਜਾ ਸਕਦਾ ਹੈ। ਜਿਸ ਅਰਜ਼ੀਕਰਤਾ ਨੂੰ ਸ਼ਾਹੀ ਬਟਲਰ ਚੁਣਿਆ ਜਾਏਗਾ, ਉਸ ਨੂੰ ਬਕਿੰਘਮ ਪੈਲੇਸ ਵਿੱਚ ਰਹਿਣ ਦੀ ਸਹੂਲਤ ਮਿਲੇਗੀ, ਨਾਲ ਹੀ ਉਸ ਨੂੰ ਸਾਲ ਵਿੱਚ ਘੱਟ ਤੋਂ ਘੱਟ ਤਿੰਨ ਮਹੀਨੇ ਸਕਾਟਲੈਂਡ ਦੇ ਬਾਰਲਮੋਰਲ ਅਤੇ ਸੈਂਡਰਿਗਮ ਵਿੱਚ ਰਹਿਣ ਲਈ ਵੀ ਤਿਆਰ ਰਹਿਣਾ ਹੋਵੇਗਾ। ਇਸ਼ਤਿਹਾਰ ਦੇ ਮੁਤਾਬਕ ਅਰਜ਼ੀ ਕਰਤਾ ਦਾ ਦੋਸਤਾਨਾ, ਨਿਮਰ ਅਤੇ ਮਿਲਣਸਾਰ ਸੁਭਾਅ ਹੋਣਾ ਜ਼ਰੂਰੀ ਹੈ।

ਪੰਜਾਬ, ਹਰਿਆਣਾ ਤੇ ਦਿੱਲੀ ਵਿਚ ਭਾਰੀ ਮੀਂਹ
ਚੰਡੀਗੜ੍ਹ-ਪੰਜਾਬ, ਹਰਿਆਣਾ ਅਤੇ ਦਿੱਲੀ ਵਿਚ ਅੱਜ ਦਰਮਿਆਨੀ ਤੋਂ ਬਾਰੀ ਬਾਰਸ਼ ਹੋਈ ਜਿਸ ਨਾਲ ਇਸ ਖੇਤਰ ਦੇ ਨੀਵੇਂ ਇਲਾਕਿਆਂ 'ਚ ਪਾਣੀ ਭਰ ਗਿਆ ਹੈ। ਪਹਾੜੀ ਇਲਾਕਿਆਂ 'ਚ ਵੀ ਭਾਰੀ ਬਾਰਸ਼ ਹੋਣ ਕਾਰਨ ਦੋਵਾਂ ਰਾਜਾਂ ਪੰਜਾਬ ਤੇ ਹਰਿਆਣਾ ਵਿਚੋਂ ਵਹਿੰਦੇ ਦਰਿਆਵਾਂ ਰਾਵੀ, ਬਿਆਸ, ਸਤਲੁਜ, ਯਮੁਨਾ, ਸੋਮ, ਘੱਗਰ ਅਤੇ ਮਾਰਕੰਡਾ ਪੂਰੀ ਤਰ੍ਹਾਂ ਆਫਰੇ ਹੋਏ ਹਨ ਅਤੇ ਇਨ੍ਹਾਂ ਦਰਿਆਵਾਂ ਦੇ ਕਿਨਾਰੇ ਵਸੇ ਪਿੰਡਾਂ 'ਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਰਣਜੀਤ ਸਾਗਰ ਡੈਮ 'ਚ 66.9 ਅਤੇ ਭਗੌਤਾ 'ਚ 66.2 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਚੰਡੀਗੜ੍ਹ ਵਿਚ 66.1 ਮਿਲੀਮੀਟਰ ਬਾਰਸ਼ ਹੋਈ ਜਿਸ ਨਾਲ ਆਮ ਜਨਜੀਵਨ 'ਚ ਭਾਰੀ ਵਿਘਨ ਪਿਆ। ਨੰਗਲ, ਫਿਰੋਜ਼ਪੁਰ, ਫਾਜ਼ਿਲਕਾ, ਪਟਿਆਲਾ, ਸ਼ਾਹਪੁਰ ਕੰਢੀ, ਮੁਕਤਸਰ ਅੰਬਾਲਾ, ਮਾਧੋਪੁਰ, ਨਾਰਨੌਲ, ਆਦਮਪੁਰ ਤੇ ਅੰਮ੍ਰਿਤਸਰ ਤੋਂ ਭਾਰੀ ਮੀਂਹ ਪੈਣ ਦੀਆਂ ਖ਼ਬਰਾਂ ਮਿਲੀਆਂ ਹਨ। ਇਸੇ ਦੌਰਾਨ ਜਲੰਧਰ ਵਿਚ ਭਾਰੀ ਮੀਂਹ ਨਾਲ ਨੀਵੇਂ ਇਲਾਕਿਆਂ 'ਚ ਪਾਣੀ ਭਰ ਗਿਆ ਜਿਸ ਕਾਰਨ ਦਫ਼ਤਰਾਂ ਨੂੰ ਜਾਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਕਈ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਹਾਜ਼ਰੀ ਘੱਟ ਰਹੀ।
9/11 ਦੀ ਬਰਸੀ ਮੌਕੇ ਅਮਰੀਕਾ 'ਤੇ ਹਮਲੇ ਦਾ ਖਤਰਾ
ਵਾਸ਼ਿੰਗਟਨ -ਅਮਰੀਕਾ 'ਤੇ ਇਕ ਵਾਰ ਫਿਰ ਅੱਤਵਾਦੀ ਹਮਲੇ ਦਾ ਖਤਰਾ ਮੰਡਰਾ ਰਿਹਾ ਹੈ। ਅਮਰੀਕੀ ਖ਼ੁਫ਼ੀਆ ਏਜੰਸੀਆਂ ਮੁਤਾਬਕ ਅੱਤਵਾਦੀ ਸੰਗਠਨ ਅਲਕਾਇਦਾ ਨੇ 9/11 ਦੀ ਦਸਵੀਂ ਬਰਸੀ ਮੌਕੇ ਹਮਲੇ ਦੀ ਸਾਜਿਸ਼ ਰਚੀ ਹੈ। ਅਲਕਾਇਦਾ ਨੇ ਨਿਊਯਾਰਕ ਅਤੇ ਵਾਸ਼ਿੰਗਟਨ ਨੂੰ ਨਿਸ਼ਾਨਾ ਬਣਾਉਣ ਦੀ ਸਾਜਿਸ਼ ਬਣਾਈ ਹੈ ਪਰ ਅਮਰੀਕੀ ਸੁਰੱਖਿਆ ਏਜੰਸੀਆਂ ਨਾਲ ਜੁੜੇ ਅਧਿਕਾਰੀਆਂ ਨੇ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ। ਖ਼ੁਫ਼ੀਆ ਏਜੰਸੀਆਂ ਮੁਤਾਬਕ ਤਿੰਨ ਸ਼ੱਕੀ ਅੱਤਵਾਦੀ ਅਮਰੀਕਾ 'ਚ ਦਾਖਲ ਹੋ ਚੁੱਕੇ ਹਨ ਜਿਨ੍ਹਾਂ ਵਿੱਚੋਂ ਦੋ ਪਾਕਿਸਤਾਨੀ ਹਨ। ਇਕ ਸ਼ੱਕੀ ਅੱਤਵਾਦੀ ਅਲਕਾਇਦਾ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਕਿ ਉਨ੍ਹਾਂ ਕੋਲ ਅੱਤਵਾਦੀਆਂ ਬਾਰੇ ਵਿਸ਼ੇਸ਼ ਪ੍ਰੰਤੂ ਅਪੁਸ਼ਟ ਰਿਪੋਰਟ ਹੈ। ਸੂਤਰਾਂ ਮੁਤਾਬਕ ਅੱਤਵਾਦੀ ਟਰੱਕ ਜਾਂ ਕਾਰ ਨਾਲ ਹਮਲਾ ਕਰ ਸਕਦੇ ਹਨ। ਇਮਾਰਤ ਤੇ ਪੁੱਲ ਨੂੰ ਨਿਸ਼ਾਨਾ ਬਣਾਏ ਜਾਣ ਦਾ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਮਝਿਆ ਜਾਂਦਾ ਹੈ ਕਿ ਅੱਤਵਾਦੀ ਅਫਗਾਨਿਸਤਾਨ ਤੋਂ ਅਮਰੀਕਾ ਪਹੁੰਚੇ ਹਨ ਅਤੇ ਇਹ ਗੱਲ ਵੀ ਸੰਭਵ ਹੈ ਕਿ ਉਹ ਈਰਾਨ ਹੁੰਦੇ ਹੋਏ ਇਥੇ ਪੁੱਜੇ ਹਨ। ਇਸ ਤੋਂ ਇਲਾਵਾ ਲਾਪਤਾ ਹੋਏ ਭਾੜੇ ਦੇ ਦੋ ਟਰੱਕਾਂ ਦੀ ਭਾਲ ਕੀਤੀ ਜਾ ਰਹੀ ਹੈ। ਇਹ ਟਰੱਕ ਮਿਸੌਰੀ ਦੇ ਕੰਸਾਸ ਸ਼ਹਿਰ ਤੋਂ ਲਾਪਤਾ ਹਨ। ਇਸੇ ਦੌਰਾਨ ਨਿਊਯਾਰਕ ਦੇ ਮੇਅਰ ਮਾਈਕਲ ਬਲੂਮਬਰਗ ਨੇ ਅੱਜ ਕਿਹਾ ਕਿ 9-11 ਦੇ ਹਮਲੇ ਦੀ ਬਰਸੀ ਮੌਕੇ ਪੂਰੇ ਸ਼ਹਿਰ 'ਤੇ ਅੱਤਵਾਦੀ ਹਮਲੇ ਦਾ ਸ਼ੱਕ ਭਰੋਸੇਯੋਗ ਹੈ ਪਰ ਅਜੇ ਤਕ ਇਸ ਦੀ ਪੁਸ਼ਟੀ ਨਹੀਂ ਹੋਈ। ਉਨ੍ਹਾਂ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ।

ਗਗਨਜੀਤ ਸਿੰਘ ਬਰਨਾਲਾ ਦੀ ਕੋਠੀ ਦੀ ਤਲਾਸ਼ੀ
ਚੰਡੀਗੜ੍ਹ-ਆਮਦਨ ਕਰ ਵਿਭਾਗ ਵੱਲੋਂ ਚੰਡੀਗੜ੍ਹ ਦੇ ਸੈਕਟਰ 8 ਸਥਿਤ ਧੂਰੀ ਦੇ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਦੀ ਕੋਠੀ ਨੰਬਰ 157 ਦੀ ਤਲਾਸ਼ੀ ਅਤੇ ਉਥੇ ਮੌਜੂਦ ਰਿਕਾਰਡ ਦੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ। ਇਸ ਕੋਠੀ ਨੂੰ ਆਮਦਨ ਕਰ ਅਧਿਕਾਰੀਆਂ ਨੇ ਬੀਤੀ ਰਾਤ ਸੀਲ ਕਰ ਦਿੱਤਾ ਸੀ। ਅੱਜ ਦੁਪਹਿਰ ਵੇਲੇ ਸ: ਗਗਨਜੀਤ ਸਿੰਘ ਬਰਾਨਾਲਾ ਆਪਣੇ ਪਿਤਾ ਸ: ਸੁਰਜੀਤ ਸਿੰਘ ਬਰਨਾਲਾ ਨਾਲ ਕੋਠੀ ਵਿਚ ਪੁੱਜੇ ਤਾਂ 30 ਤੋਂ ਵੱਧ ਆਮਦਨ ਕਰ ਅਧਿਕਾਰੀਆਂ ਦੀ ਟੀਮ ਕੋਠੀ ਵਿਚ ਪਹੁੰਚ ਗਈ ਅਤੇ ਸ: ਗਗਨਜੀਤ ਸਿੰਘ ਬਰਨਾਲਾ ਨੇ ਕੋਠੀ ਦੇ ਕਮਰੇ ਖੁੱਲ੍ਹਵਾ ਕੇ ਅਧਿਕਾਰੀਆਂ ਨੂੰ ਲੋੜੀਂਦੀ ਜਾਂਚ ਕਰਨ ਲਈ ਕਿਹਾ। ਉੱਥੇ ਮੌਜੂਦ ਅਧਿਕਾਰੀਆਂ ਨੇ ਮੀਡੀਆ ਨੂੰ ਇਸ ਸਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਆਮਦਨ ਕਰ ਵਿਭਾਗ ਵੱਲੋਂ ਗਗਨਜੀਤ ਸਿੰਘ ਬਰਨਾਲਾ ਦੀ ਕੋਠੀ ਤੋਂ ਇਲਾਵਾ ਵੱਖ-ਵੱਖ ਪ੍ਰਾਪਰਟੀ ਡੀਲਰਾਂ ਅਤੇ ਨਿਰਮਾਣ ਕੰਪਨੀਆਂ ਦੇ 24 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਸੀ। ਜਿਹੜੇ ਕਿ ਚੰਡੀਗੜ੍ਹ, ਮੁਹਾਲੀ, ਪੰਚਕੂਲਾ ਅਤੇ ਜ਼ੀਰਕਪੁਰ ਵਿਚ ਸਥਿਤ ਹਨ। ਸੂਤਰਾਂ ਅਨੁਸਾਰ ਮੁੱਖ ਤੌਰ 'ਤੇ ਇਹ ਛਾਪੇਮਾਰੀ ਜਾਇਦਾਦ ਅਤੇ ਨਿਰਮਾਣ ਕਾਰੋਬਾਰੀ ਮਨੋਹਰ ਸਿੰਘ ਐਂਡ ਕੰਪਨੀ ਦੇ ਭਾਈਵਾਲਾਂ ਅਤੇ ਉਨ੍ਹਾਂ ਨਾਲ ਸਬੰਧਤ ਕਾਰੋਬਾਰੀਆਂ ਦੇ ਟਿਕਾਣਿਆਂ 'ਤੇ ਕੀਤੀ ਗਈ ਸੀ। ਆਮਦਨ ਕਰ ਵਿਭਾਗ ਦੇ ਨਿਰਦੇਸ਼ਕ ਵਾਈ. ਕੇ. ਸੈਣੀ, ਸੰਯੁਕਤ ਨਿਰਦੇਸ਼ਕ ਮਨਜੀਤ ਸਿੰਘ ਅਤੇ ਸ਼੍ਰੀਮਤੀ ਹਰਜਿੰਦਰ ਕੌਰ ਦੀ ਅਗਵਾਈ ਵਿਚ 150 ਦੇ ਲਗਭਗ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਟੀਮ ਨੇ ਇੱਕੋ ਵੇਲੇ ਵੱਖ ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਸੀ। ਪਤਾ ਲਗਾ ਹੈ ਕਿ ਗਗਨਜੀਤ ਸਿੰਘ ਬਰਨਾਲਾ ਮਨੋਹਰ ਸਿੰਘ ਐਂਡ ਕੰਪਨੀ ਦੇ ਇਕ ਨਿਰਦੇਸ਼ਕ ਹਨ। ਬੀਤੀ ਰਾਤ ਆਮਦਨ ਕਰ ਵਿਭਾਗ ਦੀ ਟੀਮ ਦੇ ਸ: ਬਰਨਾਲਾ ਦੀ ਕੋਠੀ ਪਹੁੰਚਣ ਤੋਂ ਪਹਿਲਾਂ ਹੀ ਸਾਰਾ ਪਰਿਵਾਰ ਉਥੋਂ ਜਾ ਚੁੱਕਾ ਸੀ।
ਸੈਂਸੈਕਸ 299 ਅੰਕ ਡਿੱਗਿਆ
ਮੁੰਬਈ-ਦੇਸ਼ ਦੇ ਸ਼ੇਅਰ ਬਾਜ਼ਾਰਾਂ 'ਚ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਅੱਜ ਤੇਜ਼ ਘਾਟਾ ਦਰਜ ਕੀਤਾ ਗਿਆ। ਪ੍ਰਮੁੱਖ ਸੂਚਕਅੰਕ ਸੈਂਸੈਕਸ 298.57 ਅੰਕਾਂ ਦੇ ਘਾਟੇ ਨਾਲ 16866.97 'ਤੇ ਜਦੋਂਕਿ ਨਿਫਟੀ 93.80 ਅੰਕਾਂ ਦੇ ਘਾਟੇ ਨਾਲ 5059.45 'ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਸਵੇਰੇ ਬੰਬਈ ਸਟਾਕ ਐਕਸਚੇਂਜ (ਬੀ. ਐਸ. ਈ.) ਦਾ ਸੰਵੇਦੀ ਸੂਚਕਅੰਕ ਸੈਂਸੈਕਸ 24.21 ਅੰਕਾਂ ਦੇ ਵਾਧੇ ਨਾਲ 17189.75 'ਤੇ ਜਦੋਂਕਿ ਨੈਸ਼ਨਲ ਸਟਾਕ ਐਕਸਚੇਂਜ (ਐਨ. ਐਸ. ਈ.) ਦਾ ਨਿਫਟੀ 19.10 ਅੰਕਾਂ ਦੀ ਤੇਜ਼ੀ ਦੇ ਨਾਲ 5161.30 'ਤੇ ਖੁੱਲਿਆ। ਬੀ. ਐਸ. ਈ. ਦੇ ਮਿਡਕੈਪ ਅਤੇ ਸਮਾਲਕੈਪ ਸੂਚਕਅੰਕਾਂ 'ਚ ਵੀ ਘਾਟਾ ਦਰਜ ਕੀਤਾ ਗਿਆ। ਮਿਡਕੈਪ 54.77 ਅੰਕ ਹੇਠਾਂ ਆ ਕੇ 6435.48 'ਤੇ ਜਦੋਂਕਿ ਸਮਾਲਕੈਪ 55.31 ਅੰਕ ਹੇਠਾਂ ਆ ਕੇ 7304.02 'ਤੇ ਬੰਦ ਹੋਇਆ।
ਬਟਾਲਾ 'ਚ ਪ੍ਰਵਾਸੀ ਭਾਰਤੀ ਦਾ ਕਤਲ
ਬਟਾਲਾ -ਚਿੱਟੇ ਦਿਨ ਭੀੜ-ਭੜੱਕੇ ਵਾਲੇ ਖੇਤਰ ਸਥਾਨਕ ਅਦਾਲਤ ਅਹਾਤੇ 'ਚ ਕਿਸੇ ਕੇਸ ਦੀ ਤਰੀਕ ਭੁਗਤਣ ਆਏ ਸਾਥੀ ਨੌਜਵਾਨ ਨੂੰ ਮਿਲਣ ਲਈ ਕਚਹਿਰੀ ਪਹੁੰਚੇ ਇਕ 25 ਸਾਲਾ ਪ੍ਰਵਾਸੀ ਭਾਰਤੀ ਨੌਜਵਾਨ ਨੂੰ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੁਝ ਹਥਿਆਰਬੰਦ ਨੌਜਵਾਨਾਂ ਨੇ ਕਚਹਿਰੀ ਦੇ ਗੇਟ ਅੱਗੇ ਘੇਰ ਕੇ ਗੋਲੀਆਂ ਮਾਰ ਕੇ ਮੌਤ ਦੇ  ਘਾਟ ਉਤਾਰ ਦਿੱਤਾ ਤੇ ਪੁਲਿਸ ਦੀ ਮੌਜੂਦਗੀ ਵਿਚ ਹੀ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਗੋਲੀ ਕਾਂਡ ਦੀ ਸੂਚਨਾ ਮਿਲਦੇ ਸਾਰ ਹੀ ਐਸ.ਐਸ.ਪੀ. ਸ: ਗੁਰਕ੍ਰਿਪਾਲ ਸਿੰਘ, ਐਸ.ਪੀ. ਹੈਡਕੁਆਟਰ ਨਰਿੰਦਰ ਬੇਦੀ, ਡੀ.ਐਸ.ਪੀ. ਸਕੱਤਰ ਸਿੰਘ ਭਾਰੀ ਪੁਲਿਸ ਫੋਰਸ ਨਾਲ ਮੌਕੇ 'ਤੇ ਪਹੁੰਚ ਗਏ। ਜਾਣਕਾਰੀ ਅਨੁਸਾਰ 25 ਸਾਲਾ ਨੌਜਵਾਨ ਗੁਰਿੰਦਰ ਸਿੰਘ ਗਿੱਲ ਪੁੱਤਰ ਅਜੀਤ ਸਿੰਘ ਵਾਸੀ ਗੋਬਿੰਦ ਨਗਰ ਕਾਹਨੂੰਵਾਨ ਰੋਡ ਬਟਾਲਾ, ਜੋ ਇਸ ਸਮੇਂ ਕੈਨੇਡਾ ਦਾ ਵਸਨੀਕ ਹੈ ਤੇ ਅੱਜ ਤੋਂ ਦੋ ਮਹੀਨੇ ਪਹਿਲਾਂ ਹੀ ਕੈਨੇਡਾ ਤੋਂ ਆਇਆ ਸੀ। ਅੱਜ ਦੁਪਹਿਰ ਸਮੇਂ ਇਹ ਨੌਜਵਾਨ ਗੁਰਿੰਦਰ ਸਿੰਘ ਗਿੱਲ ਆਪਣੇ ਚਾਰ-ਪੰਜ ਹੋਰ ਸਾਥੀ ਨੌਜਵਾਨਾਂ ਨਾਲ ਸਥਾਨਕ ਕਚਹਿਰੀ ਵਿਚ ਤਰੀਕ ਭੁਗਤਣ ਆਏ ਨੌਜਵਾਨ ਸੰਨੀ ਪੁੱਤਰ ਦਸੌਂਧਾ ਸਿੰਘ ਨੂੰ ਮਿਲਣ ਗਿਆ ਸੀ। ਹਥਿਆਰਬੰਦ ਨੌਜਵਾਨ ਗੁਰਿੰਦਰ 'ਤੇ ਹਮਲਾ ਕਰਦਿਆਂ 315 ਰਾਈਫਲ ਤੇ ਪਿਸਤੌਲ ਨਾਲ ਦਰਜਨ ਦੇ ਕਰੀਬ ਗੋਲੀਆਂ ਮਾਰ ਕੇ ਸੁੱਟ ਦਿੱਤਾ। ਗੁਰਿੰਦਰ ਨੂੰ ਸਿਵਲ ਹਸਪਤਾਲ ਲਿਆਂਦਾ ਪਰ ਉਹ ਰਸਤੇ ਵਿਚ ਹੀ ਦਮ ਤੋੜ ਗਿਆ। ਹਸਪਤਾਲ 'ਚ ਕੁਝ ਨੌਜਵਾਨ ਇਸ ਮਾਮਲੇ ਨੂੰ ਲੈ ਕੇ ਆਪਸ ਵਿਚ ਉਲਝੇ ਵੀ, ਜਿਨ੍ਹਾਂ ਨੂੰ ਪੁਲਿਸ ਨੇ ਹਲਕਾ ਲਾਠੀਚਾਰਜ ਕਰਕੇ ਵੱਖ-ਵੱਖ ਕੀਤਾ। ਪਰਿਵਾਰਕ ਮੈਂਬਰ ਇਹ ਵੀ ਦੋਸ਼ ਲਗਾ ਰਹੇ ਹਨ ਕਿ ਹਮਲਾਵਰ ਗੁਰਿੰਦਰ ਸਿੰਘ ਦਾ ਪਿਸਤੌਲ ਵੀ ਲੈ ਗਏ ਹਨ। ਇਸ ਦੌਰਾਨ ਐਸ.ਐਸ.ਪੀ. ਗੁਰਕ੍ਰਿਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਚਾਚੇ ਦੇ ਲੜਕੇ ਸੁਖਰਾਜ ਸਿੰਘ ਦੇ ਬਿਆਨਾਂ 'ਤੇ ਭਾਜਪਾ ਦੇ ਮੌਜੂਦਾ ਕੌਂਸਲਰ ਰਾਜਬੀਰ ਸਿੰਘ ਭੁੱਲਰ, ਭਰਾ ਯਾਦਵਿੰਦਰ ਸਿੰਘ ਭੁੱਲਰ, ਰਾਜਬੀਰ ਸਿੰਘ ਪੁੱਤਰ ਦਰਸ਼ਨ ਸਿੰਘ, ਰਾਜਦੀਪ ਸਿੰਘ ਰਾਜੂ ਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ।
ਅਮਰ ਸਿੰਘ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ 12 ਨੂੰ
ਨਵੀਂ ਦਿੱਲੀ -ਅੱਜ ਦਿੱਲੀ ਦੀ ਇਕ ਅਦਾਲਤ ਨੇ ਸਮਾਜਵਾਦੀ ਪਾਰਟੀ ਦੇ ਸਾਬਕਾ ਆਗੂ ਅਮਰ ਸਿੰਘ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ 12 ਸਤੰਬਰ 'ਤੇ ਅੱਗੇ ਪਾ ਦਿੱਤੀ ਹੈ। ਤਿਹਾੜ ਜੇਲ੍ਹ ਦੇ ਸੁਪਰਡੈਂਟ ਵਲੋਂ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਦੇ ਜੱਜ ਸੰਗੀਤਾ ਢੀਂਗਰਾ ਸਹਿਗਲ ਨੂੰ ਇਹ ਜਾਣਕਾਰੀ ਦੇਣ ਕਿ ਖੂਨ ਅਤੇ ਪਿਸ਼ਾਬ ਦੇ ਨਮੂਨਿਆਂ ਦੇ ਟੈਸਟ ਕੇਵਲ ਸਨਿਚਰਵਾਰ ਤਕ ਉਪਲਬਧ ਹੋਣਗੇ ਪਿੱਛੋਂ ਸੁਣਵਾਈ ਅੱਗੇ ਪਾ ਦਿੱਤੀ ਗਈ। ਅਮਰ ਸਿੰਘ ਨੇ ਹਿਰਾਸਤ 'ਚ ਲਏ ਜਾਣ ਤੋਂ ਪਹਿਲਾਂ ਬਿਮਾਰੀ ਦੇ ਆਧਾਰ 'ਤੇ ਅੰਤਰਿਮ ਜ਼ਮਾਨਤ ਦੀ ਮੰਗ ਕੀਤੀ ਸੀ। ਅਦਾਲਤ ਨੇ ਜੇਲ੍ਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੀ ਕਿ ਰਾਜ ਸਭਾ ਦੇ ਸੰਸਦ ਮੈਂਬਰ ਦੀ ਡਾਕਟਰੀ ਰਿਪੋਰਟ ਉਪਲਬਧ ਕਰਵਾਈ ਜਾਵੇ। ਅਮਰ ਸਿੰਘ ਅਤੇ ਭਜਾਪਾ ਦੇ ਦੋ ਸਾਬਕਾ ਸੰਸਦ ਮੈਂਬਰਾਂ ਫੱਗਨ ਸਿੰਘ ਕੁਲਸਤੇ ਅਤੇ ਮਹਾਵੀਰ ਸਿੰਘ ਭਗੋਰਾ ਨੂੰ ਸੰਸਦ ਵਿਚ 2008 ਦੇ ਭਰੋਸੇ ਦੇ ਵੋਟ ਮੌਕੇ ਨਕਦੀ ਬਦਲੇ ਵੋਟ ਮਾਮਲੇ 'ਚ ਕਥਿਤ ਸ਼ਮੂਲੀਅਤ ਲਈ ਮਾਨਯੋਗ ਜੱਜ ਨੇ 6 ਸਤੰਬਰ ਨੂੰ 19 ਸਤੰਬਰ ਤਕ ਜੇਲ੍ਹ ਭੇਜ ਦਿੱਤਾ ਸੀ।

ਸੱਤਾਧਾਰੀ ਗੁੱਟ ਦੇ ਅਨਸਰਾਂ ਨੇ ਕੀਤਾ ਕਤਲ-ਸੇਖੜੀ
ਬਟਾਲਾ-ਗੁਰਿੰਦਰ ਸਿੰਘ ਗਿੱਲ ਦੇ ਕੀਤੇ ਕਤਲ ਸਬੰਧੀ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਸ੍ਰੀ ਅਸ਼ਵਨੀ ਸੇਖੜੀ ਨੇ ਇਸ ਨੂੰ ਬੇਹੱਦ ਨਿੰਦਣਯੋਗ ਘਟਨਾ ਕਰਾਰ ਦਿੰਦਿਆਂ ਕਿਹਾ ਕਿ ਬਟਾਲਾ ਵਿਚ ਪਿਛਲੇ ਪੰਜ ਮਹੀਨਿਆਂ 'ਚ ਸ਼ਰੇਆਮ ਗੋਲੀ ਕਾਂਡ ਦੀ ਇਹ ਚੌਥੀ ਵਾਰਦਾਤ ਹੈ, ਜਿਸ ਦੀ ਜ਼ਿੰਮੇਵਾਰ ਇਥੋਂ ਦਾ ਭਾਜਪਾ ਵਿਧਾਇਕ ਹੈ। ਸ੍ਰੀ ਸੇਖੜੀ ਨੇ ਕਿਹਾ ਕਿ ਭਾਜਪਾ ਦੇ ਗੁੰਡਾ ਅਨਸਰਾਂ ਵੱਲੋਂ ਗੋਲੀਆਂ ਮਾਰ ਕੇ ਮਾਰੇ ਨੌਜਵਾਨ ਗੁਰਿੰਦਰ ਸਿੰਘ ਗਿੱਲ ਦੇ ਕਾਤਲਾਂ ਨੂੰ ਪੁਲਿਸ ਤੁਰੰਤ ਗ੍ਰਿਫਤਾਰ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ ਦੇਵੇ। ਉਨ੍ਹਾਂ ਕਿਹਾ ਕਿ ਜੇ ਐਸ.ਐਸ.ਪੀ. ਬਟਾਲਾ ਨੇ ਇਸ ਕਤਲ ਕਾਂਡ ਸਬੰਧੀ ਸੱਤਾਧਾਰੀ ਗੁੱਟ ਦੇ ਹਮਲਾਵਰਾਂ ਖਿਲਾਫ ਕਾਰਵਾਈ ਨਾ ਕੀਤੀ ਤਾਂ ਉਹ ਐਸ.ਐਸ.ਪੀ. ਤੋਂ ਅਸਤੀਫ਼ੇ ਦੀ ਮੰਗ ਕਰਨਗੇ। ਸੇਖੜੀ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਅੱਜ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕਰਕੇ ਬਟਾਲਾ ਪ੍ਰਵਾਸੀ ਭਾਰਤੀ ਨੌਜਵਾਨ ਦੇ ਕੀਤੇ ਕਤਲ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਜ ਅੰਦਰ ਵੱਧ ਰਹੀ ਗੁੰਡਾਗਰਦੀ ਲਈ ਸੂਬਾ ਸਰਕਾਰ ਜ਼ਿੰਮੇਵਾਰ ਹੈ। ਸੇਖੜੀ ਨੇ ਕਿਹਾ ਕਿ ਨੌਜਵਾਨ ਗੁਰਿੰਦਰ ਕੈਨੇਡਾ ਤੋਂ ਵਾਪਸ ਆਪਣੇ ਦੇਸ਼ ਵਸਣ ਲਈ ਆਇਆ ਸੀ ਪਰ ਗਠਜੋੜ ਸਰਕਾਰ ਨੇ ਮਦਦ ਦੇਣ ਦੀ ਬਜਾਏ, ਉਸ ਨੂੰ ਮੌਤ ਦਿੱਤੀ ਹੈ।
ਨਿਊਜ਼ੀਲੈਂਡ 'ਚ ਸਫਲ ਰਿਹਾ 'ਪੰਜਾਬੀ ਵਿਰਸਾ-2011'
ਆਕਲੈਂਡ -ਵਾਰਿਸ ਭਰਾਵਾਂ ਵੱਲੋਂ ਅੱਜ ਨਿਊਜ਼ੀਲੈਂਡ ਵਿਚ 'ਪੰਜਾਬੀ ਵਿਰਸਾ-2011' ਦੇ ਪਹਿਲੇ ਸ਼ੋਅ ਦੌਰਾਨ ਪੰਜਾਬੀ ਵਿਰਸੇ ਦੀ ਬਾਰਿਸ਼ ਕੀਤੀ ਗਈ। ਵੱਡੀ ਗਿਣਤੀ ਵਿਚ ਪਹੁੰਚੇ ਪੰਜਾਬੀ ਸਰੋਤਿਆਂ ਨੇ ਵਾਰਿਸ ਭਰਾਵਾਂ ਵੱਲੋਂ ਵਿਰਸੇ ਦੀਆਂ ਬਾਤਾਂ ਪਾਉਂਦੇ ਗੀਤਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਆਪਣੀ ਰੂਹ ਨੂੰ ਵਿਰਸੇ ਦੀ ਖੁਸ਼ਬੂ ਨਾਲ ਸ਼ਰਸ਼ਾਰ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਤਿੰਨਾਂ ਭਰਾਵਾਂ ਨੇ ਇਕ ਧਾਰਮਿਕ ਗੀਤ ਨਾਲ ਕੀਤੀ। ਸੰਗਤਾਰ ਨੇ ਨਵੇਂ ਗੀਤ, 'ਹੋਰ ਕਿਹੜੇ ਮੂਰਖਾਂ ਦੇ ਸਿੰਗ ਹੁੰਦੇ ਨੇ', 'ਮੈਥੋਂ ਈਮੇਲਾਂ ਤੇਰੀਆਂ ਡਿਲੀਟ ਹੋ ਗਈਆਂ' ਨਾਲ ਆਪਣੀ ਗਾਇਕੀ ਦੀ ਪਕੜ ਵੀ ਸਰੋਤਿਆਂ ਦੇ ਰੂਬਰੂ ਕੀਤੀ। ਨੌਜਵਾਨਾਂ ਦੀਆਂ ਤਾੜੀਆਂ ਵਿਚ ਕਮਲ ਹੀਰ ਨੇ ਆਉਂਦਿਆਂ ਹੀ ਕੁਝ ਪੁਰਾਣੇ ਗੀਤਾਂ ਬਾਅਦ 'ਤੂੰ ਚੰਨ ਦੇਖ ਕੇ ਰੌਲਾ ਪਾਉਂਦੀ ਰਹਿੰਦੀ ਏ','ਇੰਡੀਆ ਤੋਂ ਆਇਆ ਕੱਲ੍ਹ ਫੋਨ ਯਾਰ ਦਾ','ਕਿਵੇਂ ਭੁੱਲਾਂ ਸਾਲ ਤੇਰਾ ਜ਼ਿੰਦਗੀ 'ਚੋਂ ਗਈ ਦਾ' ਨਾਲ ਹਾਜ਼ਰ ਨੌਜਵਾਨਾਂ ਨੂੰ ਨੱਚਣ ਲਈ ਮਜ਼ੂਬਰ ਕੀਤਾ। ਫਿਰ ਵਾਰੀ ਆਈ ਮਨਮੋਹਨ ਵਾਰਿਸ ਦੀ। ਉਸ ਨੇ ਆਪਣੇ ਗੀਤਾਂ ਦੀ ਸ਼ੁਰੂਆਤ ਲੋਕਾਂ ਦੀ ਮੰਗ ਮੁਤਾਬਿਕ ਕੁਝ ਪ੍ਰਚਲਿਤ ਗੀਤਾਂ ਨਾਲ ਕੀਤੀ ਤੇ ਫਿਰ ਨਵੇਂ ਨਕੋਰ ਗੀਤ 'ਮੈਨੂੰ ਮੇਰੇ ਘਰ ਦਾ ਬਨੇਰਾ ਯਾਦ ਆ ਗਿਆ', 'ਫਿਰ ਉਸਦਾ ਜਿਉਣਾ ਕੀ ਏ' ਅਤੇ ਨਵੇਂ ਪਰ ਹੰਢੇ ਹੋਏ ਸ਼ਾਇਰ ਕੁੰਢਾ ਸਿੰਘ ਧਾਲੀਵਾਲ ਦੇ ਲਿਖੇ ਲੋਕ ਤੱਥ ਪਹਿਲੀ ਵਾਰ ਸਰੋਤਿਆਂ ਦੇ ਸਾਹਮਣੇ ਪੇਸ਼ ਕੀਤੇ। ਸਾਰੇ ਪ੍ਰੋਗਰਾਮ ਦਾ ਉਦੋਂ ਸਿਖਰ ਹੋ ਨਿਬੜਿਆ ਜਦੋਂ ਤਿੰਨਾਂ ਭਰਾਵਾਂ ਨੇ ਮੁੜ ਸਟੇਜ 'ਤੇ ਇਕੱਠਿਆਂ ਹੋ ਕੇ 'ਤੁਸੀਂ ਵਸਦੇ ਰਹੋ ਪ੍ਰਦੇਸੀਓ' ਸੰਗੀਤ ਦੀਆਂ ਸੁਰਾਂ ਨਾਲ ਇਕ ਮਿਕ ਹੋ ਕੇ ਗਾਇਆ। ਸਟੇਜ ਦਾ ਸੰਚਾਲਨ ਸ. ਪਰਮਿੰਦਰ ਸਿੰਘ ਲਾਡੀ ਵੱਲੋਂ ਕੀਤਾ ਗਿਆ। ਸਾਰੇ ਪ੍ਰਬੰਧ ਸੁਚੱਜੇ ਰੂਪ ਵਿਚ ਚਲਦੇ ਰੱਖਣ ਲਈ ਸ੍ਰੀ ਦੀਪਕ ਬਾਲੀ, ਰੇਡੀਓ ਸਪਾਈਸ ਟੀਮ, ਅਕਾਲ ਫਾਊਂਡੇਸ਼ਨ ਤੇ ਸਾਰੇ ਪ੍ਰਮੋਟਰ ਪੱਬਾਂ ਭਾਰ ਸਨ। ਸਮਾਗਮ ਵਿਚ ਬਹੁ ਗਿਣਤੀ ਪਰਿਵਾਰਾਂ ਦੀ ਸੀ ਤੇ ਬਿਨਾਂ ਕਿਸੇ ਰੁਕਾਵਟ ਦੇ ਇਹ ਪ੍ਰੋਗਰਾਮ ਵਿਰਸੇ ਦੇ ਰੰਗ ਭਰਦਾ ਸਮਾਪਤੀ ਵੱਲ ਵਧਿਆ। 'ਪੰਜਾਬੀ ਵਿਰਸਾ-2011' ਦੇ ਬਾਕੀ ਸ਼ੋਅ ਆਸਟ੍ਰੇਲੀਆ 'ਚ 11 ਸਤੰਬਰ ਤੋਂ ਸ਼ੁਰੂ ਹੋ ਰਹੇ ਹਨ।

44 ਸਾਲ ਦਾ ਹੋਇਆ ਅਕਸ਼ੈ ਕੁਮਾਰ
ਮੁੰਬਈ -ਬਾਲੀਵੁੱਡ ਦਾ ਪ੍ਰਸਿੱਧ ਅਦਾਕਾਰ ਅਕਸ਼ੈ ਕੁਮਾਰ ਅੱਜ 44 ਸਾਲ ਦਾ ਹੋ ਗਿਆ ਅਤੇ ਅਕਸ਼ੈ ਨੇ ਆਪਣਾ ਜਨਮ ਦਿਨ ਟੋਰਾਂਟੋ ਵਿਖੇ ਆਪਣੀ ਪਤਨੀ ਟਵਿੰਕਲ, ਪੁੱਤਰ ਆਰਵ ਅਤੇ ਜਿਗਰੀ ਦੋਸਤ ਅਜੇ ਵੀਰਮਾਨੀ ਅਤੇ ਉਸ ਦੇ ਪਰਿਵਾਰ ਨਾਲ ਮਨਾਇਆ। ਅਕਸ਼ੈ ਕੁਮਾਰ ਦਾ ਜਨਮ 9 ਸਤੰਬਰ, 1967 ਨੂੰ ਅੰਮ੍ਰਿਤਸਰ ਵਾਸੀ ਸ੍ਰੀ ਰਾਜੀਵ ਹਰੀ ਓਮ ਭਾਟੀਆ ਦੇ ਘਰ ਹੋਇਆ ਸੀ। ਬਾਲੀਵੁੱਡ 'ਚ ਆਪਣਾ ਫਿਲਮੀ ਸਫਰ ਸ਼ੁਰੂ ਕਰਨ ਤੋਂ ਪਹਿਲਾਂ ਅਕਸ਼ੈ ਨੇ ਬੈਕਾਂਕ 'ਚ ਲੰਮਾ ਸਮਾਂ ਬਤੌਰ 'ਸ਼ੈੱਫ' ਕੰਮ ਕੀਤਾ।

ਗੁ: ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੀ ਪ੍ਰਬੰਧਕ ਕਮੇਟੀ ਦੀ ਚੋਣ 15 ਨੂੰ
ਕੈਲਗਰੀ -ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੀ ਨਵੀਂ ਕਮੇਟੀ ਦੀ ਚੋਣ 15 ਅਕਤੂਬਰ ਨੂੰ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਰਣਬੀਰ ਸਿੰਘ ਪ੍ਰਮਾਰ ਨੇ ਦਿੰਦਿਆਂ ਦੱਸਿਆ ਕਿ ਸੰਗਤਾਂ ਦੀ ਪ੍ਰਵਾਨਗੀ ਨਾਲ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਵਿਚ ਸ: ਸੁਖਦੇਵ ਸਿੰਘ ਖਹਿਰਾ, ਸ: ਸੰਤ ਸਿੰਘ ਧਾਲੀਵਾਲ, ਸ: ਸੁਖਰਾਮ ਸਿੰਘ ਸੰਧੂ, ਮਾਸਟਰ ਤਰਸੇਮ ਸਿੰਘ ਪ੍ਰਹਾਰ, ਸ: ਦਰਸ਼ਨ ਸਿੰਘ ਧਾਲੀਵਾਲ, ਸ: ਹਰਦੇਵ ਸਿੰਘ ਚੀਮਾ ਅਤੇ ਸ: ਰਣਜੀਤ ਸਿੰਘ ਜਡੀਰ ਨੂੰ ਸਰਬ-ਸੰਮਤੀ ਨਾਲ ਸੰਗਤ ਨੇ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦੇ ਦਿੱਤੀ ਹੈ। 22 ਸਤੰਬਰ ਤੱਕ ਨਾਮਜ਼ਦਗੀ ਪੇਪਰ ਭਰੇ ਜਾਣਗੇ, ਜਿਨ੍ਹਾਂ ਦੀ ਆਖਰੀ ਤਾਰੀਖ 29 ਸਤੰਬਰ ਹੈ। ਜੇਕਰ ਸਰਬ-ਸੰਮਤੀ ਨਹੀਂ ਹੁੰਦੀ ਤਾਂ ਚੋਣ ਕਰਵਾਉਣ ਲਈ ਚੋਣ ਇੰਚਾਰਜ ਕਰਨਲ ਰਤਨ ਸਿੰਘ ਅਤੇ ਸਹਾਇਕ ਮੋਹਣ ਸਿੰਘ ਸਿੱਧੂ ਨੂੰ ਚੁਣਿਆ ਗਿਆ ਹੈ। ਇਹ ਚੋਣ 2012 ਅਤੇ 2013 ਲਈ ਕੀਤੀ ਜਾਣੀ ਹੈ।